ਜਾਡਲਾ (ਖਬਰ)- ਪਿੰਡ ਮੀਰਪੁਰਜੱਟਾਂ ਵਿਖੇ 24 ਘੰਟਿਆਂ ਦੌਰਾਨ ਤਿੰਨ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪਿੰਡ ਮੀਰਪੁਰਜੱਟਾਂ ਵਿਖੇ ਹੋਈਆਂ 24 ਘੰਟਿਆਂ ਵਿੱਚ ਹੋਈਆਂ ਤਿੰਨ ਮੌਤਾਂ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਸੁਭਾਸ ਪੌੜਵਾਲ ਅਤੇ ਸਮਸ਼ੇਰ ਸਿੰਘ ਸ਼ੇਰਾ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਰੂਪ ਲਾਲ ਪੁੱਤਰ ਬੂਟਾ ਰਾਮ, ਭਾਈ ਬਲਕਾਰ ਸਿੰਘ ਗ੍ਰੰਥੀ ਪੁੱਤਰ ਬਲਵੀਰ ਸਿੰਘ, ਕੁਲਵੰਤ ਰਾਮ ਪੁੱਤਰ ਮਲਾਵਾ ਰਾਮ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਤਿੰਨੇ ਵਿਅਕਤੀ ਵਿਆਹੇ ਹੋਏ ਸਨ। ਜਿਨ੍ਹਾਂ ਦੀਆਂ ਮ੍ਰਿਤਕਾਂ ਦੇਹਾਂ ਦਾ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਨ੍ਹਾਂ ਮੌਤਾਂ ਨਾਲ ਇਲਾਕੇ ਵਿੱਚ ਜਿੱਥੇ ਸੋਗ ਦੀ ਲਹਿਰ ਹੈ, ਉਥੇ ਸਥਾਨਕ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ ਕਿ ਸ਼ਾਇਦ ਇਸ ਪਿੰਡ ਕੋਈ ਭੈੜੀ ਸ਼ੈਅ ਦਾ ਸਾਇਆ ਆ ਗਿਆ ਹੈ ਜਾਂ ਕੋਈ ਅਜਿਹੀ ਭੁੱਲ ਹੋ ਗਈ ਹੈ। ਬਜ਼ੁਰਗਾਂ ਨੇ ਦੱਸਿਆ ਕਿ ਸਾਡੀ ਸੁਰਤ ਵਿੱਚ ਇਹ ਪਹਿਲੀ ਵਾਰ ਅਜਿਹਾ ਭਾਣਾ ਵਰਤਿਆ ਹੈ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
![]()
