ਲੁਧਿਆਣਾ (ਖ਼ਬਰ) ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਿਹਾ ਨੌਜਵਾਨ ਅਸਲੇ ਸਮੇਤ ਗ੍ਰਿਫਤਾਰ ਦੇਸੀ ਕੱਟਾ ਤੇ ਜਿੰਦਾ ਕਾਰਤੂਸ ਬਰਾਮਦ, ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਕ੍ਰਾਈਮ ਬਰਾਂਚ ਦੀ ਟੀਮ ਨੇ ਇੱਕ ਅਜਿਹੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਅਸਲੇ ਸਮੇਤ ਪਿੰਡ ਛੰਦੜਾਂ ’ਚ ਘੁੰਮ ਰਿਹਾ ਸੀ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਉਸ ਦੇ ਕਬਜ਼ੇ ’ਚੋਂ 315 ਬੋਰ ਦਾ ਦੇਸੀ ਕੱਟਾ ਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਕਰ ਲਿਆ ਹੈ। ਕ੍ਰਾਈਮ ਬ੍ਰਾਂਚ ਦੇ ਇੰਚਾਰਜ ਬੇਅੰਤ ਜਨੇਜਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪਿੰਡ ਛੰਦੜਾਂ ਦੇ ਰਹਿਣ ਵਾਲੇ ਜਗਵਿੰਦਰ ਸਿੰਘ ਉਰਫ ਮਿੱਠੀ ਵਜੋਂ ਹੋਈ ਹੈ। ਇੰਸਪੈਕਟਰ ਬੇਅੰਤ ਜੁਨੇਜਾ ਦੇ ਮੁਤਾਬਕ ਪੁਲਿਸ ਪਾਰਟੀ ਭੈਣੀ ਸਾਹਿਬ ਕੱਟ ’ਤੇ ਮੌਜੂਦ ਸੀ। ਇਸੇ ਦੌਰਾਨ ਜਾਣਕਾਰੀ ਮਿਲੀ ਕਿ ਮੁਲਜ਼ਮ ਜਗਵਿੰਦਰ ਸਿੰਘ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਦੇਸੀ ਕੱਟਾ ਲੈ ਕੇ ਆਇਆ ਹੈ। ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਪਿੰਡ ਛੰਦੜਾਂ ’ਚ ਦਬਿਸ਼ ਦੇ ਕੇ ਮੁਲਜ਼ਮ ਨੂੰ ਅਸਲੇ ਸਮੇਤ ਹਿਰਾਸਤ ’ਚ ਲਿਆ। ਇਸ ਮਾਮਲੇ ’ਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮੁਲਜ਼ਮ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਖੰਨਾ ਦੇ ਆਰਪੀਐੱਫ ਥਾਣੇ ’ਚ ਇੱਕ ਅਪਰਾਧਿਕ ਮੁਕੱਦਮਾ ਦਰਜ ਹੈ, ਜਿਸ ’ਚ ਉਹ ਜ਼ਮਾਨਤ ’ਤੇ ਬਾਹਰ ਆਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਪੜਤਾਲ ਦੌਰਾਨ ਕਈ ਖੁਲਾਸੇ ਹੋ ਸਕਦੇ ਹਨ।