ਲੁਧਿਆਣਾ ਦੇ ਪਿੰਡ ਤਲਵੰਡੀ ਵਿੱਚ ਕੁੱਤੇ ਦੇ ਕੱਟਣ ਨੂੰ ਲੈ ਕੇ ਦੋ ਗੁਆਂਢੀਆਂ ਵਿੱਚ ਝਗੜਾ ਇੰਨਾ ਵੱਧ ਗਿਆ ਕਿ ਗੱਲ ਲੜਾਈ ਤੱਕ ਪਹੁੰਚ ਗਈ। ਇਸ ਲੜਾਈ ਵਿੱਚ ਦੋ ਨੌਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਦੇ ਸਿਰ ਵਿੱਚ ਸੱਟ ਲੱਗੀ ਹੈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ !ਗੁਆਂਢੀ ਦੇ ਕੁੱਤੇ ਨੂੰ ਕੈਂਸਰ ਹੈ
ਪੀੜਤ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਗੁਆਂਢੀ ਦੇ ਕੁੱਤੇ ਨੇ ਵੱਢ ਲਿਆ ਸੀ। ਉਸ ਨੇ ਗੁਆਂਢੀਆਂ ਨੂੰ ਕੁੱਤੇ ਨੂੰ ਬੰਨ੍ਹ ਕੇ ਰੱਖਣ ਲਈ ਕਿਹਾ ਕਿਉਂਕਿ ਕੁੱਤਾ ਕੈਂਸਰ ਤੋਂ ਪੀੜਤ ਹੈ ਅਤੇ ਲੋਕਾਂ ਨੂੰ ਕੱਟ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਗੁਆਂਢੀਆਂ ਨੇ ਕੁਝ ਨੌਜਵਾਨਾਂ ਨਾਲ ਮਿਲ ਕੇ ਕਰਮਜੀਤ ਸਿੰਘ ਅਤੇ ਉਸ ਦੇ ਦੋਸਤ ਨਰਿੰਦਰਪਾਲ ਸਿੰਘ ‘ਤੇ ਹਮਲਾ ਕਰ ਦਿੱਤਾ।
ਹਮਲਾਵਰਾਂ ਨੇ ਇੱਟਾਂ, ਪੱਥਰ ਅਤੇ ਲੋਹੇ ਦੀਆਂ ਰਾਡਾਂ ਨਾਲ ਸ਼ਰੇਆਮ ਹਮਲਾ ਕਰ ਦਿੱਤਾ। ਇਸ ਦੌਰਾਨ ਕਰਮਜੀਤ ਸਿੰਘ ਦੀ ਮਾਤਾ ਦੇ ਕੱਪੜੇ ਵੀ ਪਾੜ ਦਿੱਤੇ ਗਏ। ਨੰਗਲ ਤੋਂ ਲੁਧਿਆਣਾ ਆਏ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਹਮਲਾਵਰਾਂ ਨੇ ਉਸ ਦੀ ਗੱਲ ਨਹੀਂ ਸੁਣੀ ਅਤੇ ਉਸ ’ਤੇ ਵੀ ਹਮਲਾ ਕਰ ਦਿੱਤਾ।