ਨਸ਼ਾ ਮੁਕਤੀ ਯਾਤਰਾ ਸੂਬੇ ਨੂੰ ਨਸ਼ਾ ਮੁਕਤ ਕਰਨ ਵਿੱਚ ਪਾ ਰਹੀ ਹੈ ਅਹਿਮ ਯੋਗਦਾਨ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਵਿੱਚ ਪਿੰਡ ਪੰਜਰੁੱਖਾ, ਤੁਰਮਰੀ, ਬੀਵੀਪੁਰ ਅਤੇ ਟੌਂਸਾ ਵਿਖੇ ਡਿਫੈਂਸ ਕਮੇਟੀਆਂ ਨਾਲ ਮੀਟਿੰਗਾਂ
ਖੰਨਾ, 4 ਜੂਨ, 2025 :(ਅਮਰੀਕ ਸਿੰਘ) “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” ਪੰਜਾਬ ਸਰਕਾਰ ਦੇ ਸਮਾਜਿਕ ਸੁਧਾਰ ਲਈ ਕੀਤੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹੈ ਅਤੇ ਇਸੇ ਮੁਹਿੰਮ ਅਧੀਨ ਚੱਲ ਰਹੀ “ਨਸ਼ਾ ਮੁਕਤੀ ਯਾਤਰਾ” ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਇਸ ਮੁਹਿੰਮ ਨੂੰ ਲੋਕਾਂ ਦੇ ਮਿਲ ਰਹੇ ਸ਼ਾਨਦਾਰ ਸਮਰਥਨ ਤੋਂ ਇਹ ਸਪਸ਼ਟ ਹੈ ਕਿ ਹੁਣ ਪੰਜਾਬ ਦੀ ਧਰਤੀ ‘ਤੇ ਨਸ਼ੇ ਬਹੁਤੀ ਦੇਰ ਤੱਕ ਨਹੀਂ ਰਹਿਣਗੇ।
ਇਹ ਪ੍ਰਗਟਾਵਾ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨਹੇੜੀ, ਨਸ਼ਾ ਮੁਕਤੀ ਮੋਰਚਾ ਦੇ ਹਲਕਾ ਖੰਨਾ ਤੋਂ ਕੋਆਰਡੀਨੇਟਰ ਪਰਮਪ੍ਰੀਤ ਸਿੰਘ, ਸਿੱਖਿਆ ਕੋਆਰਡੀਨੇਟਰ ਸ੍ਰੀ ਅਵਤਾਰ ਸਿੰਘ ਅਤੇ ਭੁਪਿੰਦਰ ਸਿੰਘ ਸੌਂਦ ਨੇ ਪਿੰਡ ਪੰਜਰੁੱਖਾ, ਤੁਰਮਰੀ, ਬੀਵੀਪੁਰ ਅਤੇ ਟੌਂਸਾ ਵਿਖੇ ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਨ ਲਈ ਦ੍ਰਿੜ੍ਹ ਸੰਕਲਪ ਨਾਲ ਫੈਸਲੇ ਕਰ ਕੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਸਰਕਾਰ ਨੂੰ ਦਿੱਤਾ ਗਿਆ ਸਮਰਥਨ, ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਾਬੀਆਂ ਨੇ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਦਾ ਤਹੱਈਆ ਕਰ ਲਿਆ ਹੈ ਤੇ ਹੁਣ ਨਸ਼ਿਆਂ ਦਾ ਖਾਤਮਾ ਯਕੀਨੀ ਹੈ।
ਇਹਨਾਂ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਤੌਰ ‘ਤੇ ਖਾਤਮਾ ਕਰਨ ਲਈ ਚਲਾਈ ਜਾ ਰਹੀ ਨਸ਼ਾ ਮੁਕਤੀ ਯਾਤਰਾ ਦਾ ਮੰਤਵ ਸਮੂਹ ਵਰਗਾਂ ਦੇ ਸਹਿਯੋਗ ਨਾਲ ਨਸ਼ਿਆਂ ਦਾ ਖਾਤਮਾ ਕਰਨਾ ਹੈ ਅਤੇ ਹਰੇਕ ਪਿੰਡ ਤੇ ਹਰੇਕ ਗਲੀ ਨੂੰ ਨਸ਼ਾ ਮੁਕਤ ਕਰਨਾ ਸਰਕਾਰ ਦੀ ਤਰਜੀਹ ਹੈ।
ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਤੇ ਵਿਲੇਜ ਡਿਫੈਂਸ ਕਮੇਟੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਲਿਆਂਦਾ ਜਾਵੇ ਤੇ ਉਹਨਾਂ ਦਾ ਮੁਫਤ ਇਲਾਜ ਕਰਵਾ ਕੇ ਉਹਨਾਂ ਸਿਹਤਮੰਦ ਜ਼ਿੰਦਗੀ ਜਿਉਣ ਦੇ ਰਾਹ ਪਾਇਆ ਜਾਵੇ।
ਇਸ ਮੌਕੇ ਪਿੰਡ ਵਾਸੀਆਂ, ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ। ਇਸ ਦੌਰਾਨ ਲੋਕਾਂ ਨੂੰ ਆਪਣੇ ਪਿੰਡਾਂ ‘ਚ ਨਸ਼ਾ ਨਾ ਵਿਕਣ ਦੇਣ ਅਤੇ ਨਸ਼ਿਆਂ ਖਿਲਾਫ ਇਕਜੁਟ ਹੋਣ ਦੀ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਬੀ.ਡੀ.ਪੀ.ਓ ਖੰਨਾ ਗੁਰਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਖੰਨਾ ਮਨਪ੍ਰੀਤ ਸਿੰਘ, ਪੰਚਾਇਤ ਅਫ਼ਸਰ ਕੁਲਦੀਪ ਸਿੰਘ, ਪਿੰਡ ਪੰਜਰੁੱਖਾ ਦੇ ਸਰਪੰਚ ਸੁਖਵਿੰਦਰ ਸਿੰਘ, ਤੁਰਮਰੀ ਦੇ ਸਰਪੰਚ ਪਰਮਜੀਤ ਕੌਰ, ਬੀਵੀਪੁਰ ਦੇ ਸਰਪੰਚ ਗੁਰਮਿੱਕ ਸਿੰਘ, ਟੌਸਾ ਦੇ ਸਰਪੰਚ ਹਰਪ੍ਰੀਤ ਕੌਰ, ਮਲਕੀਤ ਸਿੰਘ ਮੀਤਾ ਤੋਂ ਇਲਾਵਾ ਪੁਲਿਸ ਅਤੇ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੇ ਮੈਂਬਰ, ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਹਾਜ਼ਰ ਸਨ।
![]()
