ਮਨੁੱਖੀ ਜਾਨ ਨੂੰ ਖ਼ਤਰੇ ਤੋਂ ਬਚਾਉਣ ਲਈ ਆਈ.ਐਸ.ਆਈ. ਮਾਰਕਾ ਗੈਸ ਸਿਲੰਡਰ ਦੀ ਵਰਤੋਂ ਕਰਨ ‘ਤੇ ਦਿੱਤਾ ਜ਼ੋਰ
ਲੁਧਿਆਣਾ, 22 ਅਗਸਤ (ਜਤਿੰਦਰ ਟੰਡਨ) – ਨਗਰ ਨਿਗਮ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੱਲੋਂ ਸਥਾਨਕ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿੱਥੇ ਮਨੁੱਖੀ ਜਾਨ ਨੂੰ ਕਿਸੇ ਵੀ ਖ਼ਤਰੇ ਤੋਂ ਬਚਾਉਣ ਲਈ ਉਨ੍ਹਾਂ ਉਪਭੋਗਤਾਵਾਂ ਨੂੰ ਆਈ.ਐਸ.ਆਈ. ਮਾਰਕਾ ਗੈਸ ਸਿਲੰਡਰ ਦੀ ਵਰਤੋਂ ਕਰਨ ‘ਤੇ ਜ਼ੋਰ ਦਿੱਤਾ।
ਇਸ ਮੌਕੇ ਉਨ੍ਹਾਂ ਦੇ ਨਾਲ ਟੈਰੀਟਰੀ ਮੈਨੇਜਰ ਬੀ ਪੀ ਸੀ ਐਲ, ਲਾਲੜੂ ਗੁਰਸਾਲੇ ਮਾਇਆ ਸੰਤੋਸ਼, ਡੀ.ਜੀ.ਐਮ. ਆਈ.ਓ.ਸੀ.ਐਲ. ਚੇਤਨ ਪਟਵਾਰੀ, ਡੀ.ਜੀ.ਐਮ. ਐਚ.ਪੀ.ਸੀ.ਐਲ. ਅਭਿਸ਼ੇਕ ਸ਼੍ਰੀਵਾਸਤਵ ਤੋਂ ਇਲਾਵਾ ਲੁਧਿਆਣਾ ਐਲ ਪੀ ਜੀ ਡਿਸਟ੍ਰੀਬਿਊਟਰਜ਼ ਐਸੋਸੀਏਸ਼ਨ ਦੇ ਮੈਂਬਰ ਵੀ ਮੌਜੂਦ ਸਨ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੱਲੋਂ ਉਪਭੋਗਤਾਵਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਆਈ.ਐਸ.ਆਈ/ਬੀ.ਆਈ.ਐਸ. ਮਾਰਕ ਤੋਂ ਬਿਨਾਂ ਐਲ.ਪੀ.ਜੀ. ਗੈਸ ਸਿਲੰਡਰ ਲੋੜੀਂਦੇ ਭਾਰਤੀ ਸੁਰੱਖਿਆ ਮਾਪਦੰਡਾਂ ਦੇ ਅਨੁਕੂਲ ਨਹੀਂ ਹਨ ਅਤੇ ਗੈਰ-ਮਨਜ਼ੂਰਸ਼ੁਦਾ ਗੈਸ ਸਿਲੰਡਰ ਅਤੇ ਕੰਟੇਨਰ ਜੋ ਨਕਲੀ ਹਨ, ਉਨ੍ਹਾਂ ਦੀ ਖਰੀਦ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕੁੱਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਬਲੈਕ ਵਿੱਚ ਸਿਲੰਡਰ ਵੇਚ ਕੇ ਲੁੱਟ-ਖਸੁੱਟ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ, ਕੁੱਝ ਦੁਕਾਨਦਾਰ ਮੁਨਾਫਾ ਕਮਾਉਣ ਲਈ ਵੱਡੇ ਐਲ.ਪੀ.ਜੀ. ਸਿਲੰਡਰਾਂ ਤੋਂ ਆਈ.ਐਸ.ਆਈ/ਬੀ.ਆਈ.ਐਸ. ਮਾਰਕ ਤੋਂ ਬਿਨਾਂ ਜਾਂ ਗੈਰ-ਮਨਜ਼ੂਰਸ਼ੁਦਾ ਨਕਲੀ ਸਿਲੰਡਰਾਂ ਵਿੱਚ ਐਲ.ਪੀ.ਜੀ. ਗੈਸ ਭਰ ਰਹੇ, ਸਿੱਟੇ ਵਜੋਂ ਇਨ੍ਹਾਂ ਦੁਕਾਨਾਂ ਦੇ ਆਲੇ-ਦੁਆਲੇ ਹਾਦਸੇ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਛੋਟੇ ਦੁਕਾਨਦਾਰ ਵੀ ਆਈ.ਐਸ.ਆਈ. ਮਾਰਕ ਸਿਲੰਡਰ ਵੇਚਣ ਲਈ ਨਾ-ਮਾਤਰ ਖਰਚੇ ‘ਤੇ ਡੀਲਰਸ਼ਿਪ ਲੈ ਸਕਦੇ ਹਨ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੱਲੋਂ ਜਨਤਕ ਹਿੱਤ ਵਿੱਚ ਅਪੀਲ ਕਰਦਿਆਂ ਕਿਹਾ ਕਿ ਗੈਰ-ਕਾਨੂੰਨੀ ਤਰੀਕੇ ਨਾਲ/ਬਿਨਾਂ ਲਾਇਸੈਂਸ ਦੇ ਗੈਸ ਸਿਲੰਡਰਾਂ/ਕੰਟੇਨਰਾਂ ਦੀ ਸਟੋਰੇਜ ਅਤੇ ਵਿਕਰੀ ਤੋਂ ਗੁਰੇਜ਼ ਕੀਤਾ ਜਾਵੇ।
![]()
