ਪੰਜਾਬ ਅਂਦਰ ਦਿਨ- ਬ -ਦਿਨ ਪਰਵਾਸੀਆਂ ਦੇ ਖਿਲਾਫ ਵਧ ਰਹੀ ਨਫਰਤ ਅਤੇ ਉਨ੍ਹਾਂ ਨੂੰ ਪੰਜਾਬ ਵਿਚੋਂ ਬਾਹਰ ਕੱਢਣ ਦੀ ਮੰਗ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਉਘੇ ਸਮਾਜਵਾਦੀ ਚਿੰਤਕ ,ਆਦਿ ਧਰਮ ਮਿਸ਼ਨ ਪੰਜਾਬ ਦੇ ਸਾਬਕ ਪ੍ਰਧਾਨ ਅਤੇ ਐਸ ਸੀ ਕਮਿਸ਼ਨ ਪੰਜਾਬ ਦੇ ਰਹਿ ਚੁੱਕੇ ਮੈਂਬਰ ਸ੍ਰੀ ਗਿਆਨ ਚੰਦ ਦੀਵਾਲੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਅਤੇ ਖਤਰਨਾਕ ਰੁਝਾਨ ਹੈ ।ਇਸ ਰੁਝਾਨ ਦੇ ਕਾਰਨ ਦੇਸ ਵਿਚ ਅਫਰਾ ਤਫਰੀ ਅਤੇ ਅਸਾਂਤੀ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਪਰਵਾਸ ਕਰਕੇ ਦੁਨੀਆਂ ਦੇ ਹਰ ਦੇਸ ਵਿੱਚ ਵੱਸਦੇ ਹਨ।ਅਗਰ ਉਨ੍ਹਾਂ ਬਾਰੇ ਇਹੋ ਜਿਹੀ ਮੂਵਮੈਂਟ ਉਠ ਖੜੀ ਹੋਵੇ ਤਾਂ ਕੀ ਹਾਲਾਤ ਹੋਣਗੇ ,ਕਦੇ ਕਿਸੇ ਨੇ ਇਸ ਦਾ ਅੰਦਾਜ਼ਾ ਲਾਇਆ ਹੈ? ਉਨ੍ਹਾਂ ਇਸ ਗੱਲ ਤੇ ਵੀ ਚਿੰਤਾ ਜਾਹਰ ਕੀਤੀ ਕਿ ਦੁਨੀਆਂ ਦੇ ਹਰ ਦੇਸ ਵਿੱਚ ਉਥੋਂ ਦੇ ਮੂਲ ਨਿਵਾਸੀਆਂ ਅੰਦਰ ਇਹ ਭਾਵਨਾ ਆ ਚੁੱਕੀ ਹੈ ਜੋ ਬਹੁਤ ਹੀ ਖਤਰਨਾਕ ਹੈ ਅਤੇ ਇਨਸਾਨੀਅਤ ਦੇ ਉਲਟ ਹੈ । ਕਨੇਡਾ,ਇੰਗਲੈਂਡ ਅਸਟ੍ਰੇਲੀਆ ਆਦਿ ਦੇਸਾਂ ਵਿੱਚ ਇਹ ਮੂਵਮੈਂਟ ਬੜੀ ਤੇਜੀ ਨਾਲ ਵਧ ਰਹੀ ਹੈ ।ਭਾਰਤ ਦੇ ਹਰ ਕੋਨੇ ਵਿੱਚ ਹਰ ਸਟੇਟ,ਧਰਮ,ਜਾਤ ਅਤੇ ਵੱਖਰੀ ਬੋਲੀ ਬੋਲਣ ਵਾਲੇ ਲੋਕ ਰਹਿ ਰਹੇ ਹਨ।ਅਗਰ ਇਹੀ ਮੰਗ ਹੋਰ ਇਲਾਕਿਆਂ ਜਾਂ ਸੂਬਿਆਂ ਵਿੱਚੋ ਉਠੇ ਤਾਂ ਕੀ ਹਾਲਾਤ ਬਣਨਗੇ ।ਕੀ ਇਸ ਦਾ ਅੰਦਾਜ਼ਾ ਇਹ ਮੰਗ ਕਰਨ ਵਾਲੇ ਲੋਕਾਂ ਨੇ ਲਗਾਇਆ ਹੈ? ਹਾਂ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਪਰਵਾਸੀਆਂ ਨੂੰ ਭਾਵੇਂ ਉਹ ਦੇਸ ਦੇ ਕਿਸੇ ਵੀ ਹਿੱਸੇ ਵਿੱਚੋਂ ਨਵੇਂ ਏਰੀਏ ਜਾਂ ਸੂਬੇ ਵਿੱਚ ਵਸਣ ਲਈ ਆਏ ਹੋਣ ਉੱਥੇ ਉਸਨੂੰ ਉਥੇ ਦਾ ਵਸਨੀਕ ਮੰਨਣ ਤੋਂ ਪਹਿਲਾਂ ਉਸਦੇ ਮੂਲ ਸੂਬੇ ਤੋਂ ਆਚਰਣ ਅਤੇ ਕਰੀਮੀਨਲ ਰਿਕਾਰਡ ਬਾਰੇ ਜਰੂਰ ਚੈਕ ਕਰਨਾ ਚਾਹੀਦਾ ਹੈ । ਦੇਸ ਦੇ ਸਾਰੇ ਸੂਬਿਆਂ ਅੰਦਰ ਪ੍ਰਾਪਰਟੀ ਖ੍ਰੀਦਣ ਦਾ ਅਧਿਕਾਰ ਇਕੋ ਜਿਹਾ ਹੋਣਾ ਚਾਹੀਦਾ ਹੈ ।ਜਦੋਂ ਪੰਜਾਬੀ ਹਿਮਾਚਲ ਜਾਂ ਰਾਜਸਥਾਨ ਆਦਿ ਸੂਬਿਆਂ ਵਿਚ ਜਮੀਨ ਨਹੀ ਲੈ ਸਕਦਾ ਤਾਂ ਪੰਜਾਬ ਵਿੱਚ ਹੋਰ ਸੂਬਿਆਂ ਦੇ ਕਿਉਂ ਖਰੀਦ ਸਕਣ।ਇਹ ਵਿਤਕਰਾ ਕਿਉਂ?ਪੰਜਾਬ ਦੇ ਸੁਬਾਈ ਮਹਿਕਮਿਆਂ ਅੰਦਰ ਬਾਹਰਲੇ ਸੂਬਿਆਂ ਵਾਲਿਆਂ ਨੂੰ ਨੌਕਰੀਆਂ ਕਿਉਂ? ਸਾਰੇ ਦੇਸ ਅੰਦਰ ਕਾਨੂੰਨ ਇਕਸਾਰ ਹੋਣਾ ਚਾਹੀਦਾ ਹੈ । ਹਰ ਧਰਮ,ਜਾਤ ਅਤੇ ਫਿਰਕੇ ਨੂੰ ਉਨ੍ਹਾਂ ਦੀ ਅਬਾਦੀ ਦੇ ਅਨੁਪਾਤ ਅਨੁਸਾਰ ਹਰ ਖੇਤਰ ਵਿਚ ਨੁਮਾਇੰਦਗੀ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਹੀ ਦੇਸ ਤਰੱਕੀ ਕਰ ਸਕਦਾ ਹੈ ।ਇਕ ਫਿਰਕੇ,ਧਰਮ,ਜਾਤ ਅਤੇ ਇਲਾਕੇ ਦੀ ਅਜਾਰੇਦਾਰੀ ਦੇਸ ਲਈ ਖਤਰਨਾਕ ਹੋਵੇਗੀ ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹਾਲਾਤ ਨੂੰ ਹੋਰ ਵਿਗੜਨ ਤੋਂ ਪਹਿਲਾਂ ਇਸ ਸਮੱਸਿਆ ਨੂੰ ਸੁਲਝਾਇਆ ਜਾਵੇ। ਉਨ੍ਹਾਂ ਸਿਆਸੀ ਅਤੇ ਸਮਾਜਿਕ ਆਗੂਆਂ ਨੂ ਵੀ ਅਪੀਲ ਕੀਤੀ ਕਿ ਇਸ ਸੰਵੇਦਨਸ਼ੀਲ ਮੁੱਦੇ ਉਪਰ ਸਿਆਸਤ ਨਾਂ ਕੀਤੀ ਜਾਵੇ ।
![]()
