ਲੁਧਿਆਣਾ ਪੁਲਿਸ ਵੱਲੋਂ ਲੁਟੇਰਾ ਗਿਰੋਹ ਦਾ ਪਰਦਾਫਾਸ਼; ਤੇਜ਼ਧਾਰ ਹਥਿਆਰ, ਖੋਹਿਆ ਮੋਟਰਸਾਈਕਲ ਅਤੇ 4 ਮੋਬਾਈਲ ਫੋਨਾਂ ਸਮੇਤ 3 ਕਾਬੂ
ਲੁਧਿਆਣਾ, 13 ਜਨਵਰੀ 2026:
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ (IPS) ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਨੇ ਰਾਹਗੀਰਾਂ ਤੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਕਾਰਵਾਈ ਸ੍ਰੀ ਰੁਪਿੰਦਰ ਸਿੰਘ (IPS) ਐਡੀਸ਼ਨਲ ਕਮਿਸ਼ਨਰ, ਸ੍ਰੀ ਸਮੀਰ ਵਰਮਾ (PPS) ADCP-1 ਅਤੇ ਸ. ਕਿੱਕਰ ਸਿੰਘ (PPS) ACP ਨੌਰਥ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਸਪੈਕਟਰ ਜਸਵੀਰ ਸਿੰਘ (ਮੁੱਖ ਅਫਸਰ ਥਾਣਾ ਜੋਧੇਵਾਲ) ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਕੀਤੀ ਗਈ।
ਵਾਰਦਾਤ ਦਾ ਵੇਰਵਾ ਅਤੇ ਬਰਾਮਦਗੀ
ਪੁਲਿਸ ਅਨੁਸਾਰ 6 ਜਨਵਰੀ 2026 ਨੂੰ ਕਾਕੋਵਾਲ ਰੋਡ ‘ਤੇ ਦਾਤ ਦਿਖਾ ਕੇ ਇੱਕ ਮੋਟਰਸਾਈਕਲ ਖੋਹਿਆ ਗਿਆ ਸੀ। ਤਫਤੀਸ਼ ਦੌਰਾਨ ਪੁਲਿਸ ਨੇ ਇੱਕ-ਇੱਕ ਕਰਕੇ ਤਿੰਨ ਦੋਸ਼ੀਆਂ ਨੂੰ ਦਬੋਚ ਲਿਆ:
- ਵਿਕਾਸ ਕੁਮਾਰ (22 ਸਾਲ): 7 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਲੋਹੇ ਦਾ ਦਾਤ ਬਰਾਮਦ ਹੋਇਆ।
- ਆਸ਼ੂ ਕੁਮਾਰ (20 ਸਾਲ): 8 ਜਨਵਰੀ ਨੂੰ ਗ੍ਰਿਫਤਾਰੀ ਪਾਈ ਗਈ। ਇਸ ਦੀ ਨਿਸ਼ਾਨਦੇਹੀ ‘ਤੇ ਕੈਲਾਸ਼ ਨਗਰ ਰੋਡ ਨੇੜਿਓਂ ਖੋਹ ਕੀਤਾ ਹੋਂਡਾ ਸ਼ਾਈਨ ਮੋਟਰਸਾਈਕਲ (PB 91 C 7952) ਬਰਾਮਦ ਕੀਤਾ ਗਿਆ।
- ਨਵਾਬ ਖਾਨ (20 ਸਾਲ): 10 ਜਨਵਰੀ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ ਚੋਰੀ ਦੇ 4 ਮੋਬਾਈਲ ਫੋਨ ਬਰਾਮਦ ਹੋਏ।
ਕਾਨੂੰਨੀ ਕਾਰਵਾਈ
ਸ਼ਿਕਾਇਤਕਰਤਾ ਰਾਜੀਵ ਕੁਮਾਰ ਦੇ ਬਿਆਨਾਂ ‘ਤੇ ਥਾਣਾ ਬਸਤੀ ਜੋਧੇਵਾਲ ਵਿਖੇ FIR ਨੰਬਰ 3 (ਮਿਤੀ 07.01.2026) ਅਧੀਨ ਧਾਰਾ 304(2), 190, 3(5) BNS ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਸ਼ੀ ਵਿਕਾਸ ਕੁਮਾਰ ਦਾ ਪਹਿਲਾਂ ਵੀ ਅਪਰਾਧਿਕ ਪਿਛੋਕੜ ਰਿਹਾ ਹੈ।
ਪੁਲਿਸ ਨੇ ਦੋਸ਼ੀਆਂ ਦਾ ਅਦਾਲਤ ਪਾਸੋਂ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਕਈ ਹੋਰ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਉਮੀਦ ਹੈ।
![]()
