ਲੁਧਿਆਣਾ ਪੁਲਿਸ ਦੇ ਅੜਿੱਕੇ ਚੜ੍ਹਿਆ ਹਥਿਆਰਾਂ ਦਾ ਸ਼ੌਕੀਨ: 2 ਦੇਸੀ ਪਿਸਤੌਲ ਤੇ ਜਿੰਦਾ ਰੌਂਦਾਂ ਸਮੇਤ ਨੌਜਵਾਨ ਕਾਬੂ, ਵੱਡੀ ਵਾਰਦਾਤ ਟਲੀ
ਜਤਿੰਦਰ ਟੰਡਨ / ਲੁਧਿਆਣਾ
ਸ਼ਹਿਰ ਨੂੰ ਅਪਰਾਧ ਮੁਕਤ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮ ਕੋਲੋਂ ਕੁੱਲ 2 ਦੇਸੀ ਪਿਸਤੌਲ (.32 ਬੋਰ), 5 ਜਿੰਦਾ ਰੌਂਦ ਅਤੇ ਇੱਕ ਬਿਨਾਂ ਨੰਬਰੀ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਥਾਣਾ ਸ਼ਿਮਲਾਪੁਰੀ ਅਧੀਨ ਪੈਂਦੀ ਚੌਕੀ ਬਸੰਤ ਪਾਰਕ ਦੀ ਪੁਲਿਸ ਟੀਮ ਵੱਲੋਂ ਕੁਆਲਿਟੀ ਚੌਂਕ ਨੇੜੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਸ਼ੱਕੀ ਨੌਜਵਾਨ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਦੇਸੀ ਪਿਸਤੌਲ (.32 ਬੋਰ) ਅਤੇ 3 ਜਿੰਦਾ ਰੌਂਦ ਬਰਾਮਦ ਹੋਏ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ।
ਫੜੇ ਗਏ ਮੁਲਜ਼ਮ ਦੀ ਪਛਾਣ ਯੋਗੇਸ਼ ਰਾਵਤ ਉਰਫ ਰੌਹਨ, ਪੁੱਤਰ ਪਰਸ਼ੂਰਾਮ, ਵਾਸੀ ਗਲੀ ਨੰਬਰ 3, ਬਾਗੀ ਸਟੈਂਡ (ਨੇੜੇ ਬਾਬਾ ਨੰਦ ਸਿੰਘ ਸਕੂਲ, ਡਾਬਾ, ਲੁਧਿਆਣਾ) ਵਜੋਂ ਹੋਈ ਹੈ। ਪੁਲਿਸ ਨੇ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਪੁੱਛਗਿੱਛ ਦੌਰਾਨ ਇੱਕ ਹੋਰ ਮਾਮਲੇ ਦੇ ਸਬੰਧ ਵਿੱਚ ਮੁਲਜ਼ਮ ਕੋਲੋਂ ਇੱਕ ਹੋਰ ਦੇਸੀ ਪਿਸਤੌਲ ਅਤੇ 2 ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ। ਮੁਲਜ਼ਮ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਨਜਾਇਜ਼ ਅਸਲੇ ਦੇ ਮਾਮਲੇ ਦਰਜ ਹਨ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
![]()
