ਜਲੰਧਰ (ਖ਼ਬਰ)–ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਬੀਤੇ ਦਿਨ ਜਮਾਤ 10ਵੀਂ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ। ਬੋਰਡ ਵੱਲੋਂ ਐਲਾਨੇ ਗਏ ਨਤੀਜੇ ਮੁਤਾਬਕ ਜਲੰਧਰ ਜ਼ਿਲ੍ਹੇ ਦਾ ਓਵਰਆਲ ਨਤੀਜਾ 95.45 ਫ਼ੀਸਦੀ ਰਿਹਾ। ਜ਼ਿਲ੍ਹੇ ਭਰ ਵਿਚੋਂ 19 ਹਜ਼ਾਰ 969 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ। ਇਨ੍ਹਾਂ ਵਿਚੋਂ 19 ਹਜ਼ਾਰ 60 ਵਿਦਿਆਰਥੀ ਪਾਸ ਹੋਏ ਹਨ। ਵਿਦਿਆਰਥੀ ਆਪਣਾ ਰੋਲ ਨੰਬਰ ਲੈ ਕੇ ਆਪਣੇ ਅੰਕਾਂ ਬਾਰੇ ਜਾਣਨ ਲਈ ਉਤਸ਼ਾਹਤ ਵਿਖਾਈ ਦਿੱਤੇ। ਬੋਰਡ ਵੱਲੋਂ ਜਾਰੀ ਕੀਤੀ ਗਈ 300 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿਚ ਜਲੰਧਰ ਜ਼ਿਲ੍ਹੇ ਦੇ 13 ਵਿਦਿਆਰਥੀ ਸਥਾਨ ਬਣਾਉਣ ਵਿਚ ਸਫ਼ਲ ਰਹੇ। ਇਨ੍ਹਾਂ ਵਿਚ 11 ਕੁੜੀਆਂ ਅਤੇ 2 ਮੁੰਡੇ ਸ਼ਾਮਲ ਹਨ।
ਮੈਰਿਟ ਸੂਚੀ ਮੁਤਾਬਕ ਜ਼ਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਕੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪ੍ਰੀਤੀ ਕੁਮਾਰੀ ਨੇ 636/650 ਅੰਕਾਂ ਨਾਲ ਹਾਸਲ ਕੀਤਾ। ਇਸ ਦੇ ਨਾਲ ਹੀ ਪੁਸ਼ਪਾ ਮਹਿਤਾ ਮੈਮੋਰੀਅਲ ਸਕੂਲ ਕਰਤਾਰਪੁਰ ਦੀ ਵਿਦਿਆਰਥਣ ਨਵਨੀਤ ਕੌਰ, ਮਹਾਵੀਰ ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਲਕਮਰ ਅਤੇ ਸਰਕਾਰੀ ਸਕੂਲ ਮਕਸੂਦਾਂ ਦੀ ਵਿਦਿਆਰਥਣ ਨੀਲੂ ਕੁਮਾਰੀ ਨੇ ਸਾਂਝੇ ਰੂਪ ਨਾਲ 634/650 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਭਰ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਇਲਾਵਾ ਪੁਸ਼ਪਾ ਮਹਿਤਾ ਮੈਮੋਰੀਅਲ ਸਕੂਲ ਦੀ ਵਿਦਿਆਰਥਣ ਪਰੀ ਅਤੇ ਇਸੇ ਸਕੂਲ ਦੀ ਵਿਦਿਆਰਥਣ ਅਮਨਜੋਤ ਕੌਰ ਨੇ ਸਾਂਝੇ ਰੂਪ ਨਾਲ 633/650 ਅੰਕ ਪ੍ਰਾਪਤ ਕਰ ਕੇ ਜ਼ਿਲੇ ਭਰ ਵਿਚੋਂ ਤੀਜੇ ਸਥਾਨ ’ਤੇ ਕਬਜ਼ਾ ਕੀਤਾ।