ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਅੱਗ ਲੱਗਣ ਨਾਲ ਮਚੀ ਅਫਰਾ-ਤਫਰੀ
ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੜੀਆਂ ਚਾਨਣੀਆਂ, ਸੰਗਤ ਤੇ ਸੇਵਾਦਾਰਾਂ ਨੇ ਮਿਲ ਕੇ ਪਾਇਆ ਕਾਬੂ
ਵੱਡਾ ਹਾਦਸਾ ਟਲਿਆ, ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ
ਪ੍ਰਬੰਧਕਾਂ ਵੱਲੋਂ ਨਵੀਆਂ ਚਾਨਣੀਆਂ ਲਗਾਉਣ ਦਾ ਕੰਮ ਸ਼ੁਰੂ, ਪੱਕੇ ਸੁਰੱਖਿਆ ਪ੍ਰਬੰਧਾਂ ਦੀ ਉਠੀ ਮੰਗ
ਅੰਮ੍ਰਿਤਸਰ ਦੇ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ (ਸ਼ਹੀਦਾਂ ਸਾਹਿਬ) ਵਿਖੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਗੁਰਦੁਆਰਾ ਪਰਿਸਰ ਵਿੱਚ ਲੱਗੀਆਂ ਚਾਨਣੀਆਂ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ, ਜਿਸ ਤੋਂ ਬਾਅਦ ਕੱਪੜੇ ਦੀਆਂ ਬਣੀਆਂ ਚਾਨਣੀਆਂ ਨੇ ਤੁਰੰਤ ਅੱਗ ਫੜ ਲਈ ਅਤੇ ਲਪਟਾਂ ਤੇਜ਼ੀ ਨਾਲ ਫੈਲਣ ਲੱਗੀਆਂ। ਅੱਗ ਲੱਗਣ ਕਾਰਨ ਕੁਝ ਸਮੇਂ ਲਈ ਮੌਕੇ ’ਤੇ ਅਫਰਾ-ਤਫਰੀ ਵਾਲਾ ਮਾਹੌਲ ਬਣ ਗਿਆ ਅਤੇ ਸੰਗਤ ਵਿੱਚ ਦਹਿਸ਼ਤ ਪੈਦਾ ਹੋ ਗਈ।
ਘਟਨਾ ਵਾਪਰਦਿਆਂ ਹੀ ਉੱਥੇ ਮੌਜੂਦ ਸੇਵਾਦਾਰਾਂ ਅਤੇ ਸੰਗਤ ਨੇ ਬਿਨਾਂ ਸਮਾਂ ਗਵਾਏ ਤੁਰੰਤ ਅੱਗ ਬੁਝਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਪਾਣੀ ਵਾਲੀਆਂ ਬਾਲਟੀਆਂ ਅਤੇ ਪਾਈਪਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਸੰਗਤ ਅਤੇ ਸੇਵਾਦਾਰਾਂ ਦੀ ਮੁਸਤੈਦੀ ਕਾਰਨ ਕੁਝ ਹੀ ਸਮੇਂ ਵਿੱਚ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਅੱਗ ਬੁਝਾਉਣ ਤੋਂ ਬਾਅਦ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਤੁਰੰਤ ਸੜੀਆਂ ਚਾਨਣੀਆਂ ਦਾ ਮਲਬਾ ਹਟਾਇਆ ਗਿਆ ਅਤੇ ਨਵੀਆਂ ਚਾਨਣੀਆਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਸੰਗਤ ਦੀ ਸਹੂਲਤ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਬੰਧ ਜਲਦੀ ਮੁੜ ਬਹਾਲ ਕੀਤੇ ਜਾ ਰਹੇ ਹਨ।
ਇਸ ਮੌਕੇ ਗੁਰਦਿਆਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਗ ਅਚਾਨਕ ਬਿਜਲੀ ਕਾਰਨ ਲੱਗੀ ਸੀ। ਉਨ੍ਹਾਂ ਕਿਹਾ ਕਿ ਮੌਕੇ ’ਤੇ ਮੌਜੂਦ ਕਰੀਬ 40 ਤੋਂ 50 ਸੇਵਾਦਾਰਾਂ ਅਤੇ ਸੰਗਤ ਨੇ ਮਿਲ ਕੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਸੰਗਤ ਅੱਗੇ ਨਾ ਆਉਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
ਗੁਰਦਿਆਲ ਸਿੰਘ ਨੇ ਸਰਕਾਰ ਅਤੇ ਪ੍ਰਬੰਧਕ ਕਮੇਟੀਆਂ ਕੋਲੋਂ ਮੰਗ ਕੀਤੀ ਕਿ ਇਤਿਹਾਸਕ ਧਾਰਮਿਕ ਸਥਾਨਾਂ ’ਤੇ 24 ਘੰਟੇ ਫਾਇਰ ਸੇਫਟੀ ਅਤੇ ਪਾਣੀ ਦੇ ਪੱਕੇ ਪ੍ਰਬੰਧ ਹੋਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ’ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
![]()
