ਪੰਜਾਬ ਦੇ ਵਿੱਚ ਅੱਜ ਸਰਕਾਰੀ ਬੱਸਾਂ ਦੇ ਪਹੀਏ ਪੂਰੀ ਤਰ੍ਹਾਂ ਰੁਕਣ ਜਾ ਰਹੇ ਨੇ, ਜਿਸ ਨਾਲ ਆਮ ਜਨਤਾ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਪਨਬਸ ਦੇ ਕੰਟਰੈਕਟ ਮੁਲਾਜ਼ਮਾਂ ਤੋਂ ਬਾਅਦ ਹੁਣ ਪੰਜਾਬ ਰੋਡਵੇਜ਼ ਦੇ ਕੰਟਰੈਕਟ ਕਰਮਚਾਰੀ ਵੀ ਅੱਜ ਦੁਪਹਿਰ 12 ਵਜੇ ਤੋਂ ਪੂਰਨ ਚੱਕਾ ਜਾਮ ਕਰਨ ਜਾ ਰਹੇ ਨੇ, ਜਦਕਿ ਪਨਬਸ ਦੇ ਕਰਮੀ ਪਹਿਲਾਂ ਹੀ ਬੱਸਾਂ ਨੂੰ ਕਾਊਂਟਰਾਂ ਤੋਂ ਹਟਾ ਕੇ ਹੜਤਾਲ ‘ਤੇ ਬੈਠੇ ਹੋਏ ਨੇ। ਇਸ ਹੜਤਾਲ ਕਾਰਨ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਹਜ਼ਾਰਾਂ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਦਿੱਕਤ ਆਵੇਗੀ ਅਤੇ ਇੰਟਰਸਟੇਟ ਰੂਟਾਂ ਸਮੇਤ ਇੱਕ ਹਜ਼ਾਰ ਤੋਂ ਵੱਧ ਰੂਟ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ, ਕਿਉਂਕਿ ਹੁਣ ਸਿਰਫ਼ ਰੈਗੂਲਰ ਮੁਲਾਜ਼ਮ ਹੀ ਬੱਸਾਂ ਚਲਾਉਣਗੇ। ਮੁਲਾਜ਼ਮਾਂ ਦਾ ਸਾਫ਼ ਕਹਿਣਾ ਹੈ ਕਿ ਜੇਕਰ ਇਸ ਦੌਰਾਨ ਲੋਕਾਂ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਸਿੱਧੇ ਤੌਰ ‘ਤੇ ਸਰਕਾਰ ਹੋਵੇਗੀ, ਹਾਲਾਂਕਿ ਸਰਕਾਰ ਵੱਲੋਂ ਇਸ ਗਤੀਰੋਧ ਨੂੰ ਟਾਲਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਦੱਸ ਦੇਈਏ ਕਿ ਸੂਬੇ ਵਿੱਚ ਕਰੀਬ 3000 PRTC ਅਤੇ 1600 ਪਨਬਸ ਦੀਆਂ ਬੱਸਾਂ ਹਨ, ਜਿਨ੍ਹਾਂ ਨੂੰ ਚਲਾਉਣ ਲਈ 5500 ਦੇ ਕਰੀਬ ਕੰਟਰੈਕਟ ਕਰਮੀ ਅਤੇ 4500 ਰੈਗੂਲਰ ਕਰਮੀ ਤਾਇਨਾਤ ਨੇ, ਜਿਸ ਕਰਕੇ ਕੰਟਰੈਕਟ ਸਟਾਫ਼ ਦੇ ਹੜਤਾਲ ‘ਤੇ ਜਾਣ ਨਾਲ ਅੱਧੀਆਂ ਤੋਂ ਵੱਧ ਸਰਕਾਰੀ ਬੱਸਾਂ ਸੜਕਾਂ ਤੋਂ ਗਾਇਬ ਰਹਿਣਗੀਆਂ।
ਇਸ ਹੜਤਾਲ ਦਾ ਸਭ ਤੋਂ ਵੱਡਾ ਅਸਰ ਆਮ ਲੋਕਾਂ ‘ਤੇ ਪੈਣ ਵਾਲਾ ਹੈ, ਕਿਉਂਕਿ ਪੰਜਾਬ ਵਿੱਚ ਇਸ ਸਮੇਂ ਗਰਮੀ ਦਾ ਸੀਜ਼ਨ ਪੀਕ ‘ਤੇ ਹੈ ਅਤੇ ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਨ ਬਹੁਤ ਸਾਰੇ ਪਰਿਵਾਰ ਘੁੰਮਣ-ਫਿਰਨ ਲਈ ਨਿਕਲ ਰਹੇ ਨੇ, ਜਿਨ੍ਹਾਂ ਨੂੰ ਹੁਣ ਮਜਬੂਰਨ ਪ੍ਰਾਈਵੇਟ ਬੱਸਾਂ ‘ਤੇ ਨਿਰਭਰ ਹੋਣਾ ਪਵੇਗਾ। ਇਸ ਤੋਂ ਇਲਾਵਾ ਕਾਲਜ ਜਾਣ ਵਾਲੇ ਸਟੂਡੈਂਟਸ, ਐਡਮਿਸ਼ਨ ਪ੍ਰਕਿਰਿਆ ਵਿੱਚ ਜੁਟੇ ਨੌਜਵਾਨ ਅਤੇ ਹਸਪਤਾਲ ਜਾਣ ਵਾਲੇ ਮਰੀਜ਼ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਸਭ ਤੋਂ ਮਾਰੂ ਅਸਰ ਪੇਂਡੂ ਖੇਤਰਾਂ ‘ਤੇ ਪਵੇਗਾ ਜਿੱਥੇ ਪਹਿਲਾਂ ਹੀ ਰੂਟ ਸੀਮਤ ਹਨ ਅਤੇ ਪੀ.ਜੀ.ਆਈ. ਵਰਗੇ ਵੱਡੇ ਹਸਪਤਾਲਾਂ ਲਈ ਇਹ ਬੱਸਾਂ ਇੱਕ ਲਾਈਫਲਾਈਨ ਦਾ ਕੰਮ ਕਰਦੀਆਂ ਨੇ। ਨਾਲ ਹੀ, ਮੁਫ਼ਤ ਸਫ਼ਰ ਦੀ ਸਹੂਲਤ ਮਾਣਨ ਵਾਲੀਆਂ ਮਹਿਲਾਵਾਂ ਨੂੰ ਵੀ ਇਸ ਹੜਤਾਲ ਕਾਰਨ ਜੇਬ ਢਿੱਲੀ ਕਰਨੀ ਪਵੇਗੀ। ਜੇਕਰ ਗੱਲ ਮਾਲੀ ਨੁਕਸਾਨ ਦੀ ਕਰੀਏ, ਤਾਂ ਪੰਜਾਬ ਰੋਡਵੇਜ਼ ਅਤੇ ਪਨਬਸ ਦੀ ਰੋਜ਼ਾਨਾ ਦੀ ਕਮਾਈ 2 ਤੋਂ 3 ਕਰੋੜ ਰੁਪਏ ਹੈ, ਜਦਕਿ ਪੀ.ਆਰ.ਟੀ.ਸੀ. ਦੀ ਰੋਜ਼ਾਨਾ ਆਮਦਨ ਵੀ 2.5 ਤੋਂ 3 ਕਰੋੜ ਰੁਪਏ ਦੇ ਕਰੀਬ ਹੈ। ਅਜਿਹੇ ਵਿੱਚ ਜੇਕਰ ਇਹ ਹੜਤਾਲ 3 ਦਿਨ ਲਗਾਤਾਰ ਚੱਲਦੀ ਹੈ, ਤਾਂ ਸਰਕਾਰੀ ਖ਼ਜ਼ਾਨੇ ਨੂੰ 12 ਤੋਂ 15 ਕਰੋੜ ਰੁਪਏ ਦਾ ਸਿੱਧਾ ਵਿੱਤੀ ਨੁਕਸਾਨ ਝੱਲਣਾ ਪੈ ਸਕਦਾ ਹੈ, ਜਿਸ ਨੇ ਪਹਿਲਾਂ ਹੀ ਹੋਏ ਅੰਦੋਲਨਾਂ ਕਾਰਨ ਟ੍ਰਾਂਸਪੋਰਟ ਵਿਭਾਗ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ।I
![]()
