ਕਾਂਗਰਸ ਦੇ ਕਾਨੂੰਨੀ ਵਿਭਾਗ ਵਿੱਚ ਤਿੰਨ ਨਵੇਂ ਸਕੱਤਰ ਨਿਯੁਕਤ


ਚੰਡੀਗੜ੍ਹ, 15 ਜੂਨ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਕਾਨੂੰਨੀ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਤਿੰਨ ਨਵੇਂ ਸਕੱਤਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਹ ਨਿਯੁਕਤੀਆਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮਨਜ਼ੂਰੀ ਨਾਲ ਕੀਤੀਆਂ ਗਈਆਂ ਹਨ।
ਕਾਨੂੰਨੀ, ਮਨੁੱਖੀ ਅਧਿਕਾਰ ਅਤੇ ਆਰਟੀਆਈ ਵਿਭਾਗ ਦੇ ਚੇਅਰਮੈਨ ਅਤੇ ਸੀਨੀਅਰ ਐਡਵੋਕੇਟ ਬਿਪਨ ਘਈ ਵੱਲੋਂ ਜਾਰੀ ਨਿਯੁਕਤੀ ਪੱਤਰਾਂ ਅਨੁਸਾਰ ਪੁਨੀਤ ਸਰੀਨ, ਕੁਨਾਲ ਵੋਹਰਾ ਅਤੇ ਪ੍ਰਭਜੋਤ ਸਿੰਘ ਸੰਘਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਨੂੰਨੀ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਨਿਯੁਕਤੀ ਪੱਤਰਾਂ ਵਿੱਚ ਕਿਹਾ ਗਿਆ ਹੈ ਕਿ ਨਵੇਂ ਅਹੁਦੇਦਾਰਾਂ ਦੀ ਯੋਗਤਾ ਅਤੇ ਤਜਰਬਾ ਪਾਰਟੀ ਦੇ ਕਾਨੂੰਨੀ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਸਹਾਇਕ ਸਾਬਤ ਹੋਵੇਗਾ। ਨਾਲ ਹੀ ਇਹ ਉਮੀਦ ਵੀ ਜਤਾਈ ਗਈ ਹੈ ਕਿ ਉਹ ਪਾਰਟੀ ਦੀਆਂ ਉਮੀਦਾਂ ‘ਤੇ ਖਰੇ ਉਤਰਦਿਆਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਪਾਰਟੀ ਅੰਦਰ ਇਨ੍ਹਾਂ ਨਿਯੁਕਤੀਆਂ ਨੂੰ ਕਾਨੂੰਨੀ ਮਾਮਲਿਆਂ ਵਿੱਚ ਸੰਗਠਨ ਦੀ ਪਕੜ ਮਜ਼ਬੂਤ ਕਰਨ ਅਤੇ ਵਿਭਾਗ ਦੇ ਵਿਸਥਾਰ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
![]()
